ਕਿੰਨੇ ਹੀ ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਸਾਂ ਉਹਨਾਂ ਦੇ ਫੋਨ ਦਾ ਅਤੇ ਜਦੋਂ ਇੰਟਰਵਿਊ ਲਈ ਫੋਨ ਆਇਆ ਤਾਂ ਕਿਤੇ ਜਾ ਕੇ ਸੁੱਖ ਦਾ ਸਾਹ ਮਿਲਿਆ ਪਰ ਇੰਟਰਵਿਊ ਦਾ ਸਮਾਂ ਅਗਲੇ ਦਿਨ ਦਾ ਮਿਲਿਆ ਇਹੀ ਗੱਲ ਨੇ ਮੈਨੂੰ ਥੋੜੀ ਜਿਹੀ ਪਰੇਸ਼ਾਨੀ ਵਿੱਚ ਪਾ ਦਿੱਤਾ ..ਹੁਣ ਪਹਿਲਾਂ ਤਾਂ ਇਹ ਸੋਚ ਸੀ ਕਿ ਕੱਲ੍ਹ ਨੂੰ ਕਿਹੜੇ ਕੱਪੜੇ ਪਹਿਨ ਕੇ ਜਾਵਾਂ ..ਕਿਉਂਕਿ ਗਿਣਵੇਂ ਜਿਹਾ ਹੀ ਸਮਾਨ ਸੀ ਮੇਰੇ ਕੋਲ ਤਾਂ..ਜੋ ਹੱਥ ਵਿੱਚ ਆਇਆ ਉਸਨੂੰ ਪ੍ਰੈਸ ਕਰਕੇ ਰੱਖ ਦਿੱਤਾ ਅਤੇ ਯਾਦ ਆਇਆ ਫਿਰ ਪੈਰਾਂ ਦਾ ..ਕਿ ਬੂਟ ਤਾਂ ਕਾਫੀ ਪੁਰਾਣੇ ਹੋ ਗਏ ਨੇ ਅਤੇ ਉਹਨਾਂ ਨੂੰ ਜਦੋਂ ਅਲਮਾਰੀ ਵਿਚੋਂ ਕੱਢ ਕੇ ਸਾਫ ਕਰ ਰਿਹਾ ਸੀ ..ਤਾਂ ਉਹ ਸਮਾਂ ਯਾਦ ਆ ਗਿਆ ਜਦੋਂ ਇਹਨਾਂ ਨੂੰ ਪਹਿਲੀ ਵਾਰ ਪਹਿਨਿਆ ਸੀ..ਸ਼ਾਇਦ ਲਗਭਗ ਤਿੰਨ ਵਰ੍ਹੇ ਹੋ ਗਏ .. ਮੇਰੇ ਭੂਰੇ ਰੰਗ ਦੇ ਬੂਟ ..ਬਾਪੂ ਪਤਾ ਨਹੀਂ ਕਿਧਰੋਂ ਖਰੀਦ ਕੇ ਲਿਆਇਆ ਸੀ ਇੰਨੇ ਸੋਹਣੇ ਬੂਟ…..ਹਰ ਵਾਰ ਸੋਚਣਾ ਕਿ ਇਕ ਹੋਰ ਜੋੜੀ ਲੈ ਲਵਾਂਗਾ ਪਰ ਘਰ ਦੇ ਖਰਚਿਆਂ ਵਿੱਚ ਵਾਰੀ ਹੀ ਨਹੀਂ ਆਈ ਪਰ ਸ਼ੁਕਰ ਹੈ ਕਦੇ ਇਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ ਸੀ..ਅਗਰ ਰੱਬ ਨੇ ਚਾਹਿਆ ਤਾਂ ਕੱਲ੍ਹ ਵਾਲੀ ਨੌਕਰੀ ਮੈਨੂੰ ਮਿਲ ਜਾਉਗੀ ਤਾਂ ਮੈਂ ਵੀ ਬਾਪੂ ਦਾ ਹੱਥ ਵਟਾ ਲਊਂ ..ਅਤੇ ਇਕ ਜੋੜੀ ਜੁੱਤੀਆਂ ਦੀ ਵੀ ਲੈ ਲਵਾਂਗਾ…. ਸਾਫ ਤਾਂ ਹੋ ਗਏ ਹੁਣ ਪਾ ਕੇ ਵੇਖਦਾ ਕਿੰਝ ਲੱਗਦੇ ਨੇ ..ਜਦੋਂ ਪੈਰ ਵਿੱਚ ਜੁੱਤੀ ਪਾਈ ਤਾਂ ਸੱਜੇ ਪੈਰ ਦਾ ਅੰਗੂਠਾ ਬਾਹਰ ਨਿਕਲ ਆਇਆ ..ਸਾਰੀ ਹੀ ਸਿਲਾਈ ਖਰਾਬ ਹੋ ਚੁੱਕੀ ਸੀ ਤੇ ਇੰਨੀ ਰਾਤ ਨੂੰ ਨਾ ਹੀ ਕੋਈ ਮੋਚੀ ਨੇ ਮਿਲਣਾ ਸੀ ..ਮੈਂ ਕਿਹਾ ਕੀ ਗੱਲ ਭੂਰਿਆ? ਆਪਾਂ ਤਾਂ ਇੰਨੀਆਂ ਵਾਟਾਂ ਤਹਿ ਕੀਤੀਆਂ ਨੇ.. ਮੈਂ ਕਿਸੇ ਖਾਸ ਮੌਕੇ ਤੇਰੇ ਨਾਲ ਹੀ ਤੁਰਿਆ..ਅਤੇ ਹੱਸ ਪਿਆ ਕਿ ਕੱਲ੍ਹ ਵੇਖ ਲਵਾਂਗਾ ..ਸਵੇਰੇ-ਸਵੇਰੇ ਮੋਚੀ ਤੋਂ ਠੀਕ ਕਰਵਾ ਆਪਣੇ ਰਾਹ ਵੱਲ ਨੂੰ ਤੁਰ ਪਵਾਂਗਾ। ਅਗਲੇ ਦਿਨ ਕਿੰਨੀ ਹੀ ਦੇਰ ਮੋਚੀ ਨੂੰ ਵੇਖਦਾ ਰਿਹਾ ਪਰ ਜਦੋਂ ਤੱਕ ਉਹਨੇ ਆਉਣਾ ਸੀ …ਮੇਰਾ ਇੰਟਰਵਿਊ ਲਈ ਪਹੁੰਚਣਾ ਜਰੂਰੀ ਸੀ..ਰੱਬ ਦਾ ਨਾਮ ਲੈ ਮੈਂ ਆਪਣੇ ਰਾਹ ਵੱਲ ਨੂੰ ਤੁਰ ਪਿਆ। ਮੇਰੀ ਮਿਹਨਤ ਦਾ ਫਲ ਮਿਲਿਆ ਅਤੇ ਮੇਰੇ ਪਹਿਨਾਵੇ ਨੂੰ ਵੇਖਣ ਬਜਾਏ ਉਹਨਾਂ ਮੇਰੇ ਗਿਆਨ ਦਾ ਮੁੱਲ ਪਾਇਆ। ਆਉਂਦੇ ਹੋਇਆ ਮੈਂ ਆਪਣੇ ਭੂਰੇ ਨੂੰ ਸਿਲਾਈ ਕਰਵਾਈ ਅਤੇ ਆਖਿਆ ਹੁਣ ਤੂੰ ਠੀਕ ਹੀ ਰਹੀ ਅਜੇ ਤੇਰੀ ਬਹੁਤ ਜਰੂਰਤ ਹੈ ਬਾਅਦ ਵਿੱਚ ਇਕ ਹੋਰ ਜੋੜਾ ਲਵਾਂਗਾ ਪਰ ਤੂੰ ਅੱਧ ਵਿਚਕਾਰ ਸਾਥ ਨਾ ਛੱਡੀ।ਮਾਲਕ ਦੀ ਕਿਰਪਾ ਨਾਲ ਮਹੀਨਾ ਸੋਹਣਾ ਲੰਘ ਗਿਆ ਅਤੇ ਪਹਿਲੀ ਤਨਖਾਹ ਵੀ ਮਿਲ ਗਈ..ਸੋਚਿਆ ਘਰ ਆਉਂਦਿਆਂ ਇਕ ਜੁੱਤੀਆਂ ਦਾ ਜੋੜਾ ਖਰੀਦਦਾ ਜਾਵਾਂਗਾ ।ਘਰ ਵਾਪਸੀ ਆਉਂਦਿਆਂ ਬੱਸ ਖਰਾਬ ਹੋ ਗਈ ਅਤੇ ਪੰਦਰਾਂ ਵੀਹ ਕੁ ਮਿੰਟਾਂ ਦਾ ਰਾਹ ਲਈ ਮੈਂ ਪੈਦਲ ਚੱਲਣ ਦਾ ਹੀ ਸੋਚਿਆ ਕਿ ਜੁੱਤੀਆਂ ਦੀ ਦੁਕਾਨ ਕੋਲ ਹੀ ਹੈ ….ਸੜਕ ਪਾਰ ਹੀ ਕਰਨ ਲੱਗਾ ਸੀ ਕਿ ਅਚਾਨਕ ਕੁਝ ਪੈਰ ਦੇ ਵਿੱਚ ਚੁੱਭ ਗਿਆ ..ਨੇੜੇ ਹੀ ਪੌੜੀਆਂ ਵੇਖ ਮੈਂ ਬੈਠ ਗਿਆ ਅਤੇ ਆਪਣੇ ਪੈਰਾਂ ਤੋਂ ਭੂਰੇ ਨੂੰ ਉਤਾਰਿਆ ਅਤੇ ਆਖਿਆ ਕੀ ਗੱਲ ਭੂਰੇ ਉਹ ਸਾਹਮਣੇ ਤੱਕ ਤਾਂ ਜਾਣਾ ਸੀ ਇੱਥੇ ਕਿਉਂ ਰੁਕਵਾਇਆ? ਇੰਨੇ ਨੂੰ ਨਾਲ ਪੌੜੀਆਂ ‘ਤੇ ਬੈਠੇ ਮੁੰਡੇ ਨੇ ਪੁੱਛਿਆ,”ਕੀ ਹੋਇਆ ਵੀਰ ਜੀ?” ਮੈਂ ਜਦੋਂ ਉਸ ਵੱਲ ਤੱਕਿਆ ਤਾਂ ਉਹ ਕਿਤਾਬਾਂ ਹੱਥ ਵਿੱਚ ਫੜ੍ਹੀ ਬੈਠਾ ਸੀ। ਮੈਂ ਆਖਿਆ,” ਕੁਝ ਨਹੀਂ ਨਿੱਕੇ ਬਸ ਮੇਰੇ ਭੂਰੇ ਮਤਲਬ ..ਮੇਰੇ ਜੁੱਤੇ ..ਸਾਥ ਜਿਹਾ ਛੱਡਣ ਨੂੰ ਆਖਦੇ ..ਪਰ ਵੇਖੀ ਮੈਂ ਇਹਨਾਂ ਨੂੰ ਇੰਝ ਕਰਨ ਨਹੀਂ ਦੇਣਾ ..ਆਖਰ ਮੇਰੇ ਬਾਪੂ ਜੀ ਨੇ ਦਿੱਤੇ ਸੀ ਮੈਨੂੰ ਜਨਮਦਿਨ ‘ਤੇ ” । ਮੇਰੀ ਗੱਲ ਸੁਣ ਉਹ ਥੋੜ੍ਹਾ ਜਿਹਾ ਭਾਵੁਕ ਜਿਹਾ ਹੋ ਗਿਆ ਅਤੇ ਆਖਣ ਲੱਗਾ,”ਬਿਲਕੁਲ ਵੀਰੇ,ਜਿਵੇਂ ਮੈਂ ਆਪਣੇ ਜੁੱਤਿਆਂ ਦਾ ਸਾਥ ਨਹੀਂ ਛੱਡਿਆ “। ਉਹ ਖੜ੍ਹਾ ਹੋ ਕੇ ਆਪਣੇ ਜੁੱਤੇ ਵਿਖਾਉਣ ਲੱਗ ਪਿਆ.. ਉਸਦੇ ਇਕ ਪੈਰ ਦੇ ਜੁੱਤੇ ਦਾ ਤਲਾ ਸਾਰਾ ਅਲੱਗ ਹੋਇਆ ਪਿਆ ਸੀ ਅਤੇ ਮੈਨੂੰ ਉਹਦੀਆਂ ਪੈਰਾਂ ਦੀਆਂ ਉਂਗਲਾਂ ਵਿਖਾਈ ਦੇ ਰਹੀਆਂ ਸਨ ..ਇਉਂ ਜਾਪਦਾ ਸੀ ਕਿ ਕਿਸੇ ਸਮੇਂ ਉਹਨਾਂ ਦਾ ਰੰਗ ਕਾਲਾ ਹੋਵੇਗਾ ..ਜੋ ਹੁਣ ਤੱਕ ਸਲੇਟੀ ਰੰਗ ਦੇ ਹੋ ਚੁੱਕੇ ਸਨ। ਆਪਣੇ ਪੈਰਾਂ ਵਿਚੋਂ ਖੁੱਭੀ ਉਸ ਸੂਲ ਨੂੰ ਕੱਢਦੇ ਹੋਏ ਮੈਂ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਆਖਿਆ ਮੈਂ ਇਥੇ ਨਾਲਦੇ ਸਕੂਲ ਵਿੱਚ ਹੀ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ.. ਬਾਪੂ ਜੀ ਤਿੰਨ ਸਾਲ ਪਹਿਲਾਂ ਹੀ ਗੁਜਰ ਗਏ ..ਮਾਂ ਘਰਾਂ ਦੇ ਨਿੱਕੇ ਮੋਟੇ ਕੰਮ ਕਰ ਸਾਡੇ ਘਰ ਦਾ ਖਰਚਾ ਚਲਾਉਂਦੀ ਹੈ… ਦੋ ਭੈਣਾਂ ਦਾ ਮੈਂ ਇਕਲੌਤਾ ਭਰਾ ਹਾਂ…ਇਸ ਵਾਰ ਫੀਸ ਦਾ ਇੰਤਜ਼ਾਮ ਨਹੀਂ ਹੋ ਪਾਇਆ ਤਾਂ ਮੈਂ ਲੋਕਾਂ ਦੇ ਘਰ ਜਾ ਕੇ ਬੱਚਿਆਂ ਨੂੰ ਟਿਊਸ਼ਨ ਦੇ ਰਿਹਾ। ਉਹਦੀਆਂ ਗੱਲ੍ਹਾਂ ਸੁਣ ਮੈਂ ਹੈਰਾਨ ਜਿਹਾ ਰਹਿ ਗਿਆ… ਮੈਂ ਉਹਦੇ ਪੈਰਾਂ ਨੂੰ ਚੁੱਕ ਆਪਣੇ ਹੱਥਾਂ ਨਾਲ ਉਸਦਾ ਨਾਪ ਲੈ ਲਿਆ ….ਸਾਹਮਣੇ ਵਾਲੀ ਦੁਕਾਨ ਤੋਂ ਉਸ ਲਈ ਜੁੱਤੀਆਂ ਦੀ ਜੋੜੀ ਲੈ ਆਇਆ ..ਅਤੇ ਜਦੋਂ ਦੇਣ ਲਈ ਹੱਥ ਵਧਾਇਆ ਤਾਂ ਉਸਨੇ ਲੈਣ ਤੋਂ ਸਾਫ ਇਨਕਾਰ ਕਰਦੇ ਹੋਏ ਆਖਿਆ ਕਿ ਬਾਪੂ ਨੇ ਮੁਫਤ ਦੀ ਚੀਜ਼ਾਂ ਲੈਣ ਤੋਂ ਮਨਾਹੀ ਕੀਤੀ ਸੀ। ਮੈਂ ਉਹਦੇ ਜਜ਼ਬੇ ਤੋਂ ਬਹੁਤ ਹੈਰਾਨ ਸੀ..ਫਿਰ ਮੈਂ ਇਹ ਆਖਿਆ,” ਅਗਰ ਮੈਂ ਤੇਰੀ ਇਕ ਪ੍ਰੀਖਿਆ ਲਵਾਂ, ਤਾਂ ਕੀ ਮੈਂ ਤੈਨੂੰ ਇਹ ਇਨਾਮ ਵਜੋਂ ਦੇ ਸਕਦਾ? ਕਿਉਂਕਿ ਫਿਰ ਤਾਂ ਇਹ ਤੇਰੀ ਮਿਹਨਤ ਦਾ ਫਲ ਹੋਵੇਗਾ।” ਇਹ ਸੁਣ ਉਹਨੇ ਵੀ ਸਹਿਮਤੀ ਪ੍ਰਗਟਾਈ। ਨਿਯਮ ਅਨੁਸਾਰ ਮੈਂ ਦਸ ਪ੍ਰਸ਼ਨ ਪੁੱਛਣੇ ਸੀ ਅਤੇ ਆਖਿਆ ਜੇਕਰ ਕੋਈ ਸੱਤ ਸਹੀ ਹੋਣਗੇ ਤਾਂ ਇਹ ਜੁੱਤੇ ਤੇਰੇ। ਮੈਂ ਇੱਕ ਇੱਕ ਕਰਕੇ ਪ੍ਰਸ਼ਨ ਪੁੱਛਦਾ ਗਿਆ ਅਤੇ ਉਹ ਉੱਤਰ ..ਕੁੱਲ ਨੌ ਪ੍ਰਸ਼ਨਾਂ ਦੇ ਉੱਤਰ ਉਸਨੇ ਸਹੀ ਦਿੱਤੇ..ਉਹਨੂੰ ਜੇਤੂ ਆਖ ਜਦੋਂ ਮੈਂ ਉਸਨੂੰ ਉਹਦਾ ਇਨਾਮ ਦਿੱਤਾ ਤਾਂ ਉਹ ਬਹੁਤ ਖੁਸ਼ ਹੋਇਆ …ਅਤੇ ਮੈਂ ਆਪਣੇ ਭੂਰੇ ਨਾਲ ਘਰ ਵੱਲ ਨੂੰ ਤੁਰ ਪਿਆ।
Author - Gurdeep Kaur
Source - punjabistories
Leave a Comment